Source: BBC Punjabi
- ਜਸਪਾਲ ਸਿੰਘ
- ਬੀਬੀਸੀ ਪੱਤਰਕਾਰ
“ਅਸੀਂ ਤਾਲਿਬਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਹਮਲੇ ਨੂੰ ਖ਼ਤਮ ਕੀਤਾ ਪਰ ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਾਂ ਤੇ ਦੇਸ ਨੂੰ ਛੱਡਣਾ ਚਾਹੁੰਦੇ ਹਾਂ।”
ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਦੇ ਮਲਬੇ ਵਿੱਚੋਂ ਧੁਖਦੇ ਧੂੰਏ ਦੇ ਆਲੇ ਦੁਆਲੇ ਘੁੰਮਦੇ ਸਿੱਖਾਂ ਨੇ ਬੀਬੀਸੀ ਪੱਤਰਕਾਰ ਸਿਕੰਦਰ ਕਿਰਮਾਨੀ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ ਸਨ।
ਉਨ੍ਹਾਂ ਨੇ ਕਿਹਾ, “ਅਸੀਂ ਭਾਰਤ ਸਰਕਾਰ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ ਕਿ ਉਹ ਸਾਨੂੰ ਵੀਜ਼ਾ ਦੇਣ। ਅਸੀਂ ਹੁਣ ਇੱਥੇ ਹੋਰ ਨਹੀਂ ਰਹਿਣਾ ਚਾਹੁੰਦੇ।”
18 ਜੂਨ 2022 ਨੂੰ ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਇੱਕ ਸਿੱਖ ਸ਼ਰਧਾਲੂ ਤੇ ਇੱਕ ਤਾਲਿਬਾਨ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਦਕਿ 7 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।
ਹਮਲਾਵਰ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਲੈ ਕੇ ਆਏ ਸੀ, ਜੋ ਗੁਰੁਦਆਰੇ ਦੇ ਗੇਟ ਤੋਂ ਥੋੜ੍ਹੀ ਦੂਰੀ ‘ਤੇ ਹੀ ਬਲਾਸਟ ਹੋ ਗਈ ਸੀ। ਗੁਰਦੁਆਰੇ ਵਿੱਚ ਵੀ ਅੱਤਵਾਦੀਆਂ ਵੱਲੋਂ ਧਮਾਕੇ ਤੇ ਫਾਇਰਿੰਗ ਕੀਤੀ ਗਈ ਸੀ।
ਇਸ ਹਮਲੇ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐੱਸ ਖੈਬਰ ਪਖਤੂਨਵਾ ਸੰਗਠਨ ਵੱਲੋਂ ਲਈ ਗਈ ਹੈ।
ਹੁਣ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ ਉੱਥੇ ਬਚੇ ਹੋਏ ਸਿੱਖਾਂ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਅਫ਼ਗਾਨਿਸਤਾਨ ‘ਚ ਸਿੱਖਾਂ ‘ਤੇ ਕਈ ਵਾਰ ਹਮਲੇ ਹੋਏ
ਅਫ਼ਗਾਨਿਸਤਾਨ ਵਿੱਚ ਸਿੱਖਾਂ ਉੱਤੇ ਹਮਲਾ ਪਹਿਲੀ ਵਾਰ ਨਹੀਂ ਹੋਇਆ ਹੈ। ਮੁਲਕ ਵਿੱਚ ਇੱਕ ਘੱਟ ਗਿਣਤੀ ਕੌਮ ਵਜੋਂ ਰਹਿੰਦੇ ਸਿੱਖ ਕਈ ਵਾਰ ਹਮਲਿਆਂ ਦਾ ਸ਼ਿਕਾਰ ਬਣਦੇ ਰਹੇ ਹਨ।
ਕਦੇ ਅਫ਼ਗਾਨਿਸਤਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦਾ ਸਿੱਖ ਭਾਈਚਾਰਾ ਅੱਜ ਉਂਗਲਾਂ ਉੱਤੇ ਗਿਣਿਆ ਜਾ ਸਕਦਾ ਹੈ।
ਹਾਲ ਦੇ ਸਾਲਾਂ ਵਿੱਚ ਅਫ਼ਗਾਨਿਸਤਾਨ ਵਿੱਚ ਆਈਐੱਸ ਦੇ ਸਥਾਨਕ ਗੁੱਟ ਵੱਲੋਂ ਵਾਰ-ਵਾਰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੁਖਬੀਰ ਸਿੰਘ ਖ਼ਾਲਸਾ ਕਹਿੰਦੇ ਹਨ, “ਸਾਲ 2018 ਵਿੱਚ ਜਲਾਲਾਬਾਦ ਵਿੱਚ ਵੀ ਵੱਡਾ ਹਮਲਾ ਹੋਇਆ ਸੀ। ਉਸ ਵੇਲੇ 1500 ਸਿੱਖ ਰਹਿੰਦੇ ਸਨ। ਉਸ ਹਮਲੇ ਤੋਂ ਬਾਅਦ ਕਈਆਂ ਨੇ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ ਸੀ।”
ਸੁਖਬੀਰ ਸਿੰਘ ਖਾਲਸਾ ਅਨੁਸਾਰ ਹੁਣ ਅਫ਼ਗਾਨਿਸਤਾਨ ਵਿੱਚ 150 ਤੋਂ ਘੱਟ ਸਿੱਖ ਰਹਿ ਗਏ ਹਨ।
ਸਾਲ 2021 ਵਿੱਚ ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਉੱਤੇ ਮੁੜ ਕਬਜ਼ਾ ਕੀਤਾ ਤਾਂ ਸਿੱਖਾਂ ਦੇ ਕੁਝ ਜਥੇ ਭਾਰਤ ਪਹੁੰਚਣ ਵਿੱਚ ਕਾਮਯਾਬ ਹੋਏ ਸਨ। ਕਈ ਸਿੱਖਾਂ ਨੂੰ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਹਵਾਈ ਜਹਾਜ਼ਾਂ ਤੋਂ ਭਾਰਤ ਲਿਆਂਦਾ ਗਿਆ ਸੀ।
ਸਿੱਖ ਕੌਮ ਦੇ ਪਹਿਲੇ ਨਿਸ਼ਾਨ
ਅਫ਼ਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਮੌਜੂਦਗੀ ਸਦੀਆਂ ਪੁਰਾਣੀ ਹੈ। ਇੰਦਰਜੀਤ ਸਿੰਘ ਨੇ ‘ਅਫ਼ਗਾਨ ਸਿੱਖ ਐਂਡ ਹਿੰਦੂਜ਼ ਹਿਸਟਰੀ ਆਫ ਥਾਊਜ਼ੈਂਡ ਈਅਰਜ਼’ ਨਾਂ ਦੀ ਕਿਤਾਬ ਲਿਖੀ ਹੈ।
ਇੰਦਰਜੀਤ ਸਿੰਘ ਕਹਿੰਦੇ ਹਨ, “ਬਾਬਰ ਤੋਂ ਨਾਦਰ ਸ਼ਾਹ ਦੇ ਭਾਰਤ ਆਉਣ ਤੱਕ ਕਾਬੁਲ, ਜਲਾਲਾਬਾਦ ਤੇ ਗਜ਼ਨੀ ਮੁਗਲ ਰਾਜ ਦਾ ਹੀ ਹਿੱਸਾ ਰਿਹਾ ਸੀ। ਇਹ ਸਮਾਂ ਕਰੀਬ 235 ਸਾਲ ਦਾ ਬਣਦਾ ਹੈ। ਤਾਂ ਇਸ ਵੇਲੇ ਸਿੱਖਾਂ ਤੇ ਹਿੰਦੂਆਂ ਦਾ ਅਫ਼ਗਾਨਿਸਤਾਨ ਵਿੱਚ ਰਹਿਣ ਜਾਂ ਵਿਚਰਨ ਵਿੱਚ ਕੋਈ ਮੁਸ਼ਕਿਲ ਨਹੀਂ ਸੀ।”
“ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਹੋਂਦ 1519-21 ਵੇਲੇ ਦੀ ਹੈ, ਜਦੋਂ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਅਫ਼ਗਾਨਿਸਤਾਨ ਦੀ ਯਾਤਰਾ ਉੱਤੇ ਗਏ ਸਨ। ਉਸ ਵੇਲੇ ਉੱਥੇ ਰਹਿੰਦੇ ਕੁਝ ਹਿੰਦੂ ਉਨ੍ਹਾਂ ਦੇ ਪੈਰੋਕਾਰ ਬਣ ਗਏ ਸਨ।”
ਸਿੱਖ ਇਤਿਹਾਸ ‘ਚ ਕਾਬੁਲ ਦੀ ਸੰਗਤ ਦੇ ਕਈ ਹਵਾਲੇ ਮਿਲਦੇ ਹਨ।
ਇਤਿਹਾਸਕਾਰ ਤੇ ਪੰਜਾਬ ਦੇ ਡਾਇਰੈਕਟਰ ਆਫ਼ ਆਰਕਾਈਵਜ਼ ਰਹਿ ਚੁੱਕੇ ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ ‘ਅਫਗਾਨਿਸਤਾਨ ਦਾ ਸਫ਼ਰ’ ਵਿੱਚ 1952 ਦੀ ਆਪਣੀ ਯਾਤਰਾ ਦਾ ਵੇਰਵਾ ਦਿੱਤਾ ਹੈ।
ਡਾ. ਗੰਡਾ ਸਿੰਘ ਲਿਖਦੇ ਹਨ, “ਪੁਰਾਣੇ ਸਮਿਆਂ ਤੋਂ ਹੀ ਕੁਝ ਹਿੰਦੂ ਇੱਥੇ ਰਹਿੰਦੇ ਆ ਰਹੇ ਹਨ ਜੋ ਇਸਲਾਮ ਦੇ ਇੱਥੇ ਆਉਣ ਤੋਂ ਪਹਿਲਾਂ ਦੇ ਵਸਨੀਕ ਹਨ। ਗੁਰੂ ਨਾਨਕ ਵੇਲੇ ਉਹ ਉਨ੍ਹਾਂ ਦੇ ਸੇਵਕ ਬਣ ਗਏ।”
ਡਾ. ਗੰਡਾ ਸਿੰਘ ਲਿਖਦੇ ਹਨ ਕਿ ਸਿੱਖ ਇਤਿਹਾਸ ਵਿੱਚ ਹਵਾਲੇ ਮਿਲਦੇ ਹਨ ਜਦੋਂ ਕਈ ਵਾਰੀ ਸਿੱਖ ਸੰਗਤਾਂ ਕਾਬੁਲ, ਗਜ਼ਨੀ ਤੇ ਕੰਧਾਰ ਤੋਂ ਪੰਜਾਬ ਗੁਰੂ ਦੇ ਦਰਸ਼ਨਾਂ ਲਈ ਆਇਆ ਕਰਦੀਆਂ ਸਨ।
ਸਿੱਖਾਂ ਦੇ 10ਵੇਂ ਗੁਰੂ ਦੇ ਸਮੇਂ ਦਾ ਜ਼ਿਕਰ ਕਰਦਿਆਂ ਡਾ. ਗੰਡਾ ਸਿੰਘ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਸਿੱਖਾਂ ਦੀ ਤਰ੍ਹਾਂ ਇਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਸੀ। ਫਾਸਲਾ ਦੂਰ ਹੋਣ ਕਾਰਨ ਜੋ ਪੰਜਾਬ ਆ ਕੇ ਸਿੰਘ ਨਹੀਂ ਸਜ ਸਕੇ ਸੀ, ਉਨ੍ਹਾਂ ਉੱਥੇ ਹੀ ਅੰਮ੍ਰਿਤ ਛਕ ਲਿਆ ਸੀ।”
“ਫੇਰ ਵੀ ਕੁਝ ਟੱਬਰ ਅਜਿਹੇ ਰਹਿ ਗਏ ਜਿਨ੍ਹਾਂ ਵਿੱਚੋਂ ਕੋਈ ਵੀ ਅੰਮ੍ਰਿਤਧਾਰੀ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਸਿੱਖੀ ਸਿਦਕ ਵਿੱਚ ਕੋਈ ਫਰਕ ਨਹੀਂ ਆਇਆ ਸੀ।”
ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਆਪਣੀ ਕਿਤਾਬ ਹਿਸਟਰੀ ਆਫ਼ ਸਿੱਖਸ ਵਿੱਚ ਵੀ ਕਾਬੁਲ ਤੋਂ ਆਏ ਸਿੱਖਾਂ ਬਾਰੇ ਜ਼ਿਕਰ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਕਾਬੁਲ ਤੋਂ ਆਏ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਗੋਬਿੰਦ ਸਿੰਘ (ਉਸ ਵੇਲੇ ਗੋਬਿੰਦ ਰਾਇ) ਨੂੰ ਇੱਕ ਬੇਸ਼ਕੀਮਤੀ ਤੰਬੂ ਦਿੱਤਾ ਸੀ ਜੋ ਰੇਸ਼ਮ ਨਾਲ ਬਣਿਆ ਸੀ ਤੇ ਉਸ ਉੱਤੇ ਸੋਨੇ ਤੇ ਮੋਤੀਆਂ ਦਾ ਕੰਮ ਹੋਇਆ ਸੀ। ਉਸ ਦੇ ਵਿੱਚ ਸ਼ਾਨਦਾਰ ਕਾਲੀਨ ਵੀ ਸਨ।
ਅਫ਼ਗਾਨਿਸਤਾਨ ਦੇ ਇਤਿਹਾਸਕ ਗੁਰਦੁਆਰੇ
ਇੰਦਰਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਗੁਰਦਆਰਿਆਂ ਦਾ ਜ਼ਿਕਰ ਕਰਦਿਆਂ ਦੱਸਿਆ, “ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਹੈ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਉੱਥੇ ਆਏ ਸਨ।”
“ਉਸ ਤੋਂ ਉੱਤੇ ਸੁਲਤਾਨਪੁਰ ਵਿੱਚ ਇੱਕ ਚਸ਼ਮਾ ਹੈ, ਜਿੱਥੇ ਇੱਕ ਚਾਰ ਦੀਵਾਰੀ ਕੀਤੀ ਹੋਈ ਸੀ। ਇੱਥੇ ਤਾਲਿਬਾਨ ਤੋਂ ਪਹਿਲਾਂ ਤੱਕ ਵਿਸਾਖੀ ਦਾ ਮੇਲਾ ਲੱਗਦਾ ਸੀ।”
”ਇਸ ਤੋਂ ਬਾਅਦ ਇੱਕ ਹੋਰ ਗੁਰਦੁਆਰਾ ਕਾਬੁਲ ਵਿੱਚ ਹੈ, ਜਿਸ ਦਾ ਨਾਂ ਗੁਰੂ ਹਰਿ ਰਾਇ ਸਾਹਿਬ ਹੈ। ਇਸੇ ਗੁਰਦੁਆਰਾ ਸਾਹਿਬ ਉੱਤੇ 25 ਮਾਰਚ 2020 ਨੂੰ ਅੱਤਵਾਦੀ ਹਮਲਾ ਹੋਇਆ ਸੀ।”
ਇੰਦਰਜੀਤ ਸਿੰਘ ਨੇ ਅੱਗੇ ਦੱਸਿਆ, “ਸਿੱਖਾਂ ਦੇ ਸੱਤਵੇਂ ਗੁਰੂ, ਹਰਿ ਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਗੌਂਡਾ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਭੇਜਿਆ ਸੀ ਤੇ ਉਨ੍ਹਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਨਾਂ ਉੱਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ।”
ਡਾ. ਗੰਡਾ ਸਿੰਘ ਨੇ ਵੀ ਆਪਣੀ ਕਿਤਾਬ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਮੌਜੂਦਾ ਵੇਲੇ ਕਰਤਾ-ਏ-ਪਰਵਾਨ ਤੋਂ ਇਲਾਵਾ ਸਾਰੇ ਗੁਰਦੁਆਰਾ ਸਾਹਿਬ ਬੰਦ ਹਨ।
ਬਾਕੀ ਗੁਰਦੁਆਰਿਆਂ ਦਾ ਜ਼ਿਕਰ ਕਰਦੇ ਹੋਏ ਇੰਦਰਜੀਤ ਸਿੰਘ ਨੇ ਦੱਸਿਆ, “ਇਸ ਤੋਂ ਇਲਾਵਾ ਵੀ ਕੁਝ ਹੋਰ ਗੁਰਦੁਆਰੇ ਕਾਬੁਲ ਵਿੱਚ ਹਨ, ਜਿਵੇਂ ਖਾਲਸਾ ਗੁਰਦੁਆਰਾ ਹੈ। ਉੱਥੇ ਭਾਈ ਗੁਰਦਾਸ ਜੀ ਆਏ ਸਨ।”
ਇੱਥੇ ਜਿਨ੍ਹਾਂ ਭਾਈ ਗੁਰਦਾਸ ਦੀ ਗੱਲ ਹੋ ਰਹੀ ਹੈ, ਉਹ ਸਿੱਖਾਂ ਦੇ ਪੰਜਵੇਂ ਗੁਰੂ ਅਰਜੁਨ ਦੇਵ ਵੇਲੇ ਹੋਏ ਸਨ ਜੋ ਅਫ਼ਗਾਨਿਸਤਾਨ ਧਰਮ ਪ੍ਰਚਾਰ ਲਈ ਗਏ ਸਨ।
ਇੰਦਰਜੀਤ ਸਿੰਘ ਨੇ ਅੱਗੇ ਕਿਹਾ, “ਕੰਧਾਰ ਵਿੱਚ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਹੈ ਤੇ ਇਸ ਦੇ ਨਾਲ ਹੀ ਕਾਬੁਲ ਦੇ ਸ਼ੋਰ ਬਜ਼ਾਰ ਵਿੱਚ ਵੀ ਬਾਬਾ ਸ਼੍ਰੀਚੰਦ ਦਾ ਗੁਰਦੁਆਰਾ ਸਾਹਿਬ ਹੈ।”
ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ ‘ਅਫ਼ਗਾਨਿਸਤਾਨ ਦਾ ਸਫ਼ਰ’ ਵਿੱਚ ਕੁਝ ਹੋਰ ਗੁਰਧਾਮਾਂ ਦੇ ਨਾਂ ਵੀ ਲਿਖੇ ਹਨ। ਜਿਵੇਂ, ਬਾਬਾ ਗੰਜ ਬਖਸ਼, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ, ਕੰਧਾਰੀ ਕੂਚਾ, ਗੁਰਦੁਆਰਾ ਭਾਈ ਪਿਰਾਣਾ ਸਰਾਇ ਲਾਹੌਰੀਆਂ ਤੇ ਗੁਰਦੁਆਰਾ ਭਾਈ ਮਨਸਾ ਸਿੰਘ।
ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ ਵਿੱਚ ਉਸੇ ਵੇਲੇ ਦੇ ਕਈ ਸਿੱਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਮੌਜੂਦ ਸਨ।
ਕਰਤਾ-ਏ-ਪਰਵਾਨ ਗੁਰਦੁਆਰਾ ਕਦੋ ਹੋਂਦ ਵਿੱਚ ਆਇਆ
ਇੰਦਰਜੀਤ ਸਿੰਘ ਕਰਤਾ-ਏ-ਪਰਵਾਨ ਦੀ ਹੋਂਦ ਬਾਰੇ ਦੱਸਦੇ ਹਨ, “1965 ਵਿੱਚ ਕਾਬੁਲ ਦੇ ਕਰਤਾ-ਏ-ਪਰਵਾਨ ਇਲਾਕੇ ਵਿੱਚ ਸਿੱਖਾਂ ਨੂੰ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਮਿਲੀ ਸੀ। ਉਸ ਮਗਰੋਂ ਇਹ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਬਣਿਆ।”
“ਅਸਲ ਵਿੱਚ ਜਦੋਂ ਸਿੱਖ ਪੁਰਾਣੇ ਸ਼ਹਿਰ ਤੋਂ ਬਾਹਰਲੇ ਇਲਾਕਿਆਂ ਵਿੱਚ ਵੱਸਣ ਲੱਗੇ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਉੱਥੇ ਗੁਰਦੁਆਰਾ ਸਾਹਿਬ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ ਸੀ। ਇਸ ਗੁਰਦੁਆਰਾ ਸਾਹਿਬ ਦਾ ਪੂਰਾ ਨਾਂ ਗੁਰਦੁਆਰਾ ਗੁਰੂ ਸਿੰਘ ਸਭਾ ਕਰਤਾ-ਏ-ਪਰਵਾਨ ਹੈ। ਇਸ ਇਲਾਕੇ ਵਿੱਚ ਸਿੱਖਾਂ ਦੀ ਵੱਡੀ ਅਬਾਦੀ ਰਹਿੰਦੀ ਸੀ।”
ਜਦੋਂ ਸਿੱਖਾਂ ਉੱਤੇ ਉਦਾਰ ਹੋਈ ਸੀ ਸਰਕਾਰ
ਇੰਦਰਜੀਤ ਸਿੰਘ ਅਨੁਸਾਰ ਅਫ਼ਗਾਨਿਸਤਾਨ ਦੇ ਬਾਦਸ਼ਾਹ ਜ਼ਾਹਿਰ ਸ਼ਾਹ ਦੇ ਪ੍ਰਧਾਨ ਮੰਤਰੀ ਮੁਹੰਮਦ ਦਾਊਦ ਨੇ 1953 ਵਿੱਚ ਅਹੁਦਾ ਸਾਂਭਿਆ ਸੀ। ਇਹ ਉਹ ਵੇਲਾ ਸੀ ਜਦੋਂ ਅਫ਼ਗਾਨਿਸਤਾਨ ਵਿੱਚ ਸੁਧਾਰ ਸ਼ੁਰੂ ਹੋਏ ਸੀ।
“ਇਨ੍ਹਾਂ ਸੁਧਾਰਾਂ ਦਾ ਫਾਇਦਾ ਉੱਥੇ ਰਹਿੰਦੇ ਹਿੰਦੂ-ਸਿੱਖਾਂ ਨੂੰ ਵੀ ਹੋਇਆ। 1954-55 ਦੇ ਆਲੇ-ਦੁਆਲੇ ਸਿੱਖਾਂ ਨੂੰ ‘ਤਜ਼ਕਿਰਾ’ ਯਾਨੀ ਪਛਾਣ ਪੱਤਰ ਦਿੱਤੇ ਗਏ ਸਨ।”
“ਉਨ੍ਹਾਂ ਉੱਤੇ ਲਗਾਏ ਗਏ ਜਜ਼ੀਆ ਟੈਕਸ ਨੂੰ ਵੀ ਹਟਾਇਆ ਗਿਆ ਤੇ ਸਿੱਖਾਂ ਨੂੰ ਫੌਜ ਵਿੱਚ ਭਰਤੀ ਹੋਣ ਦੀ ਇਜਾਜ਼ਤ ਦਿੱਤੀ ਗਈ। ਉਸ ਵੇਲੇ ਅਫ਼ਗਾਨ ਨੌਜਵਾਨਾਂ ਲਈ ਦੋ ਸਾਲ ਦੀ ਮਿਲਟਰੀ ਸਰਵਿਸ ਜ਼ਰੂਰੀ ਸੀ।”
“70ਵਿਆਂ ਵਿੱਚ ਵਿਸਾਖੀ ਮੌਕੇ ਕੱਢੇ ਨਗਰ ਕੀਰਤਨਾਂ ਵਿੱਚ ਸਿੱਖ ਫੌਜੀ ਮਾਣ ਨਾਲ ਫੌਜੀ ਵਰਦੀ ਪਾ ਕੇ ਆਉਂਦੇ ਸੀ।”
ਇੰਦਰਜੀਤ ਅਨੁਸਾਰ, “ਉਸ ਵੇਲੇ ਫੌਜ ਦੀ ਸਰਵਿਸ ਪੂਰੀ ਕਰ ਚੁੱਕੇ ਫੌਜੀਆਂ ਨੂੰ ਖ਼ਾਸ ਮੌਕਿਆਂ ਉੱਤੇ ਵਰਦੀ ਪਾਉਣ ਦੀ ਇਜਾਜ਼ਤ ਸੀ।”
ਜਦੋਂ ਸੋਵੀਅਤ ਸੰਘ ਅਫ਼ਗਾਨਿਸਤਾਨ ਵੜ੍ਹਿਆ
ਜਦੋਂ ਸੋਵੀਅਤ ਸੰਘ ਤੇ ਮੁਜ਼ਾਹੀਦੀਨਾਂ ਵਿਚਾਲੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਸ਼ੁਰੂ ਹੋਇਆ ਤਾਂ ਸਿੱਖਾਂ ਤੇ ਹਿੰਦੂਆਂ ਨੂੰ ਸੁਰੱਖਿਆ ਦਾ ਖਤਰਾ ਪੈਦਾ ਹੋ ਗਿਆ ਸੀ।
ਇੰਦਰਜੀਤ ਸਿੰਘ ਲਿਖਦੇ ਹਨ, “ਉਸ ਵੇਲੇ ਅੱਤਵਾਦੀਆਂ ਨੂੰ ਕਿਹਾ ਜਾਂਦਾ ਸੀ ਕਿ ਹਿੰਦੂ-ਸਿੱਖ ਭਾਰਤੀ ਕਾਫ਼ਰ ਹਨ। ਇਹ ਉਹ ਵੇਲਾ ਸੀ ਜਦੋਂ ਕੰਧਾਰ ਤੇ ਹੋਰ ਇਲਾਕਿਆਂ ਤੋਂ ਹਿੰਦੂ-ਸਿੱਖ ਗਜ਼ਨੀ, ਜਲਾਲਾਬਾਦ ਤੇ ਕਾਬੁਲ ਵਿੱਚ ਆ ਕੇ ਵਸ ਗਏ ਸਨ।”
ਇਨ੍ਹਾਂ ਵਿੱਚੋਂ ਕਈਆਂ ਨੇ ਮੁਲਕ ਨੂੰ ਛੱਡ ਵੀ ਦਿੱਤਾ ਸੀ।
ਜਦੋਂ ਘੱਟ-ਗਿਣਤੀ ਕੌਮਾਂ ਨੂੰ ਪੀਲੇ ਸਿਤਾਰੇ ਲਗਾਉਣ ਨੂੰ ਕਿਹਾ
ਸੈਂਟਰ ਫਾਰ ਅਪਲਾਈਡ ਸਾਊਥ ਏਸ਼ੀਅਨ ਸਟੱਡੀਜ਼ ਨਾਲ ਜੁੜੇ ਤੇ ਕਈ ਸਾਲ ਯੂਨੀਵਰਿਸਿਟੀ ਆਫ਼ ਮੈਨਚੈਸਟਰ ਵਿੱਚ ਪੜ੍ਹਾ ਚੁੱਕੇ ਮਾਨਵ ਵਿਗਿਆਨੀ ਰੋਜ਼ਰ ਬੈਲਾਰਡ ਨੇ 2011 ਵਿੱਚ ਇੱਕ ਰਿਸਰਚ ਪੇਪਰ ‘ਦਿ ਹਿਸਟਰੀ ਐਂਡ ਕਰੰਟ ਕੰਡੀਸ਼ਨ ਆਫ਼ ਸਿਖਸ ਐਂਡ ਹਿੰਦੂਜ਼ ਇਨ ਅਫ਼ਗਾਨਿਸਤਾਨ’ ਛਾਪਿਆ ਸੀ।
ਰੋਜ਼ਰ ਬਲਾਰਡ ਲਿਖਦੇ ਹਨ, “1994 ਵਿੱਚ ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਅਫ਼ਗਾਨ ਇਸਲਾਮ ਦੀ ਧਾਰਮਿਕ ਸਹਿਨਸ਼ੀਲਤਾ ਪੂਰੀ ਤਰ੍ਹਾਂ ਗਾਇਬ ਹੋ ਗਈ ਸੀ।”
“ਇਸ ਵੇਲੇ ਤਾਲਿਬਾਨ ਨੇ ਅਫ਼ਗਾਨਿਸਤਾਨ ਵਿੱਚ ਹਿੰਦੂ-ਸਿੱਖਾਂ ਸਣੇ ਪੰਜ ਘੱਟ-ਗਿਣਤੀ ਕੌਮਾਂ ਨੂੰ ਕੱਪੜਿਆਂ ਉੱਤੇ ਪੀਲੇ ਸਟਾਰ ਲਗਾਉਣ ਲਈ ਕਿਹਾ ਗਿਆ ਸੀ।”
2002 ਵਿੱਚ ਅਮਰੀਕੀ ਤੇ ਨਾਟੋ ਫੌਜਾਂ ਨਾਲ ਸੰਘਰਸ਼ ਵਿੱਚ ਤਾਲਿਬਾਨ ਸੱਤਾ ਤੋਂ ਬਾਹਰ ਹੋਇਆ। ਉਸ ਵੇਲੇ ਸਿੱਖਾਂ-ਹਿੰਦੂਆਂ ਲਈ ਕੁਝ ਰਾਹਤ ਵਾਲੇ ਹਾਲਾਤ ਬਣੇ ਤੇ ਕੁਝ ਲੋਕ ਅਫ਼ਗਾਨਿਸਤਾਨ ਵਾਪਸ ਆਏ।
ਰੋਜ਼ਰ ਬੈਲਾਰਡ ਅਨੁਸਾਰ 2004 ਤੱਕ ਸਿੱਖਾਂ ਤੇ ਹਿੰਦੂਆਂ ਦੀ ਅਬਾਦੀ 6000 ਦੇ ਆਲੇ ਦੁਆਲੇ ਤੱਕ ਪਹੁੰਚ ਗਈ।
ਭਾਵੇਂ ਤਾਲਿਬਾਨ ਸੱਤਾ ਤੋਂ ਬਾਹਰ ਸੀ ਪਰ ਸਿੱਖਾਂ ਉੱਤੇ ਅੱਤਵਾਦੀ ਹਮਲੇ ਹੁੰਦੇ ਰਹੇ ਸਨ। ਅਫ਼ਗਾਨ ਸੰਸਦ ਵਿੱਚ ਇੱਕੋ-ਇੱਕ ਸਿੱਖ ਮੈਂਬਰ ਅਵਤਾਰ ਸਿੰਘ ਖਾਲਸਾ ਦਾ ਜਲਾਲਾਬਾਦ ਵਿੱਚ ਸਾਲ 2018 ਵਿੱਚ ਕਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੇ ਪੁੱਤਰ ਨਰਿੰਦਰ ਸਿੰਘ ਦੀ ਸੰਸਦ ਮੈਂਬਰ ਵਜੋਂ ਚੋਣ ਹੋਈ ਸੀ। ਬੀਤੇ ਸਾਲ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਮੁੜ ਕਬਜ਼ੇ ਤੋਂ ਬਾਅਦ ਉਹ ਵੀ ਸ਼ਰਨਾਰਥੀਆਂ ਦੇ ਨਾਲ ਭਾਰਤ ਆ ਗਏ ਸਨ।
Leave a Reply